Votes
[Rating: 0]

ਮਖੂ 'ਚ ਚੜ੍ਹਦੀ ਸਵੇਰ ਪੁਲਸ ਅਤੇ ਗੈਂਗਸਟਰਾਂ ਵਿਚਕਾਰ ਚੱਲੀਆਂ ਗੋਲੀਆਂ, ਫੈਲੀ ਦਹਿਸ਼ਤਮੋਗਾ, (ਪਵਨ ਗਰੋਵਰ, ਵਾਹੀ)—  ਮਖੂ ‘ਚ ਸ਼ਨੀਵਾਰ ਸਵੇਰੇ ਪੁਲਸ ਅਤੇ ਗੈਂਗਸਟਰਾਂ ਵਿਚਕਾਰ ਜ਼ਬਰਦਸਤ ਗੋਲੀਬਾਰੀ ਹੋਈ। ਇਸ ਦੌਰਾਨ ਦੋਹਾਂ ਪਾਸਿਓਂ ਭਾਰੀ ਗੋਲੀਬਾਰੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ 100 ਤੋਂ ਵਧ ਗੋਲੀਆਂ ਚੱਲੀਆਂ, ਜਿਸ ਕਾਰਨ ਪੂਰੇ ਇਲਾਕੇ ‘ਚ ਦਹਿਸ਼ਤ ਫੈਲ ਗਈ। ਚੜ੍ਹਦੀ ਸਵੇਰ ਗੋਲੀਆਂ ਦੀਆਂ ਆਵਾਜ਼ਾਂ ਸੁਣ ਕੇ ਲੋਕ ਸਹਿਮ ਗਏ, ਉਨ੍ਹਾਂ ਅੰਦਰ ਡਰ ਫੈਲ ਗਿਆ ਕਿ ਅਚਾਨਕ ਇਹ ਕੀ ਹੋ ਗਿਆ।

ਇਸ ਪੁਲਸ ਮੁਕਾਬਲੇ ਦੌਰਾਨ ਇਕ ਗੈਂਗਸਟਰ ਜ਼ਖਮੀ ਹੋ ਗਿਆ, ਉਸ ਦੇ ਪੱਟ ‘ਚ ਗੋਲੀ ਵੱਜੀ। ਜ਼ਖਮੀ ਹੋਏ ਗੈਂਗਸਟਰ ਦਾ ਨਾਮ ਗਾਜਿਆ ਖਾਨ ਪੁੱਤਰ ਅਕਬਰ ਹੈ, ਜੋ ਕਿ ਮਾਤੋਈ ਜ਼ਿਲਾ ਸੰਗਰੂਰ ਦਾ ਰਹਿਣ ਵਾਲਾ ਹੈ। ਉਸ ਨੂੰ ਮਖੂ ਦੇ ਸਿਵਲ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ ਅਤੇ ਪੁਲਸ ਉਸ ਦੀ ਨਿਗਰਾਨੀ ਕਰ ਰਹੀ ਹੈ। ਪੁਲਸ ਨੇ 5 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ।

ਪੁਲਸ ਨੇ ਦੱਸਿਆ ਕਿ ਇਹ ਗੈਂਗਸਟਰ ਇਕ ਮਕਾਨ ‘ਚ ਲੁਕੇ ਹੋਏ ਸਨ, ਜਿਸ ਨੂੰ ਘੇਰਾ ਪਾ ਲਿਆ ਗਿਆ ਸੀ। ਸਵੇਰੇ ਜਦੋਂ ਪੁਲਸ ਇਨ੍ਹਾਂ ਨੂੰ ਗ੍ਰਿਫਤਾਰ ਕਰਨ ਲੱਗੀ ਤਾਂ ਗੈਂਗਸਟਰਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਿਸ ਦੇ ਜਵਾਬ ‘ਚ ਪੁਲਸ ਨੇ ਵੀ ਕਾਰਵਾਈ ਕੀਤੀ। ਇਹ ਕਾਰਵਾਈ ਸਵੇਰੇ 6.45 ਵਜੇ ਸ਼ੁਰੂ ਹੋਈ ਅਤੇ ਅੱਧੇ ਘੰਟੇ ਤਕ ਚੱਲੀ।

ਜਿਸ ਮਕਾਨ ‘ਚ ਇਹ ਗੈਂਗਸਟਰ ਲੁਕੇ ਹੋਏ ਸਨ ਉਹ ਅਮਨ ਨਾਮ ਦੇ ਗੈਂਗਸਟਰ ਨੇ ਕਿਰਾਏ ‘ਤੇ ਲਿਆ ਹੋਇਆ ਹੈ, ਜੋ ਕਿ ਸਾਬਕਾ ਕਾਂਗਰਸੀ ਐੱਮ. ਸੀ. ਕ੍ਰਿਸ਼ਣਾ ਰਾਣੀ ਦਾ ਹੈ। ਅਮਨ ਪੁੱਤਰ ਰੇਸ਼ਮ ਮਖੂ ‘ਚ ਵੋਡਾਫੋਨ ਦੇ ਦਫਤਰ ‘ਚ ਕੰਮ ਕਰ ਰਿਹਾ ਸੀ। ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਹੋਰ ਗੈਂਗਸਟਰਾਂ ‘ਚ ਜ਼ਿਲਾ ਸੰਗਰੂਰ ਦੇ ਤੱਖਰਖੁਰਦ ਦਾ ਰਹਿਣ ਵਾਲਾ ਬੂਟਾ ਖਾਂ ਪੁੱਤਰ ਰੁਲਦੂ ਖਾਂ, ਮਖੂ ਦੇ ਈਸਾ ਨਗਰੀ ਦੇ ਰਹਿਣ ਵਾਲੇ ਵਿਸ਼ਾਲ ਪੁੱਤਰ ਸੁੱਖਾ ਅਤੇ ਸਟੀਫਨ ਪੁੱਤਰ ਰੇਸ਼ਮ ਸ਼ਾਮਲ ਹਨ। ਪੁਲਸ ਨੇ ਇਨ੍ਹਾਂ ਕੋਲੋਂ 3 ਹਥਿਆਰ ਬਰਾਮਦ ਕੀਤੇ ਹਨ, ਜਿਨ੍ਹਾਂ ‘ਚ 1 ਪਿਸਤੌਲ 315 ਬੋਰ ਦਾ ਹੈ ਅਤੇ ਬਾਕੀ ਦੋ 32 ਬੋਰ ਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਗੈਂਗਸਟਰ ਪਹਿਲਾਂ ਵੀ ਕਈ ਵਾਰਦਾਤਾਂ ਕਰ ਚੁੱਕੇ ਹਨ ਅਤੇ ਇਨ੍ਹਾਂ ਦਾ ਸੰਬੰਧ ਮਲੇਰਕੋਟਲਾ ਦੇ ਗੈਂਗ ਨਾਲ ਹੈ।

Source: http://jagbani.punjabkesari.in/punjab/news/great-news-shootout-between-police-and-gaingasataram-chief-662455