ਆਉਂਦੀ 1 ਫਰਵਰੀ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ”ਉੜਾ-ਐੜਾ” ਨੂੰ ਲੈਕੇ ਕਾਫੀ ਆਸਾਂ ਉਮੀਦਾਂ ਲਗਾਈਆਂ ਜਾ ਰਹੀਆਂ ਹਨ. ਫ਼ਿਲਮ ‘ਚ ਮੁਖ ਕਿਰਦਾਰ ਨਿਭਾਏ ਨੇ – ਤਰਸੇਮ ਜੱਸੜ, ਨੀਰੂ ਬਾਜਵਾ, ਗੁਰਪ੍ਰੀਤ ਘੁੱਗੀ ਅਤੇ ਕਰਮਜੀਤ ਅਨਮੋਲ ਨੇ.

ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਤਰਸੇਮ ਜੱਸੜ ਨੇ ਰੇਡਿਓ ਹਾਂਜੀ ਨਾਲ ਕੁਝ ਅੰਦਰਲੀਆਂ ਗੱਲਾਂ ਕੀਤੀਆਂ। ਉਹਨਾਂ ਦੱਸਿਆ ਕਿ ਉਹ ਫਿਲਮ ਦੇ ਲੇਖਕ ਨਰੇਸ਼ ਕਥੂਰੀਆ ਦੀ ਕਲਮ ਅਤੇ ਕਿਸ਼ਿਤਜ ਚੌਧਰੀ ਦੇ ਨਿਰਦੇਸ਼ਨ ਦੇ ਪਹਿਲਾਂ ਤੋਂ ਹੀ ਪ੍ਰਸ਼ੰਸਕ ਸਨ, ਪਰ ਜੇਕਰ ਇਹ ਫਿਲਮ ਨਾ ਮਿਲਦੀ ਤਾਂ, ਪੰਜਾਬੀ ਭਾਸ਼ਾ ਨੂੰ ਪੰਜਾਬ ਅੰਦਰ ਬਚਾਉਣ ਖਾਤਿਰ ਇੱਕ ਗੀਤ ਤਾ ਜ਼ਰੂਰ ਕੱਢ ਬੈਠਦੇ। ਤਰਸੇਮ ਮੰਨਦੇ ਹਨ ਕਿ ਵਿਦੇਸ਼ਾਂ ‘ਚ ਲੋਕ ਪੰਜਾਬੀ ਭਾਸ਼ਾ ਨੂੰ ਲੈਕੇ ਜਿੰਨੇ ਫ਼ਿਕਰਮੰਦ ਨੇ, ਓਨੇ ਹੀ ਪੰਜਾਬ ‘ਚ ਅਵੇਸਲੇ ਹੁੰਦੇ ਜਾ ਰਹੇ ਨੇ.

ਫਿਲਮ ਦੇ ਨਿਰਮਾਣ ਨਾਲ ਜੁੜੇ ਤਜਰਬਿਆਂ ਨੂੰ ਸਾਂਝੇ ਕਰਦੇ ਹੋਏ ਤਰਸੇਮ ਨੇ ਦੱਸਿਆ ਫਿਲਮ ਦੇ ਸੈੱਟ ਉੱਤੇ ਮਾਹੌਲ ਕਾਫੀ ਹਲਕਾ-ਫੁਲਕਾ ਰਹਿੰਦਾ ਸੀ. ਖੁਦ ਨਿਰਦੇਸ਼ਕ  ਕਿਸ਼ਿਤਜ ਚੌਧਰੀ ਦੀ ਕਾਮੇਡੀ ਟਾਈਮਿੰਗ ਕਾਫੀ ਵਧੀਆ ਐ, ਜੋਕਿ ਕਲਾਕਾਰਾਂ ਨੂੰ ਸੈੱਟ ‘ਤੇ ਸਹਿਜ ਰਹਿਣ ‘ਚ ਮਦਦ ਕਰਦੀ ਹੈ. ਫਿਲਮ ਦੇ ਇੱਕ ਗੀਤ ‘ਡਿਸਕੋ’ ਨੂੰ ਲੈਕੇ ਜੱਸੜ ਨੇ ਹੱਸਦੇ ਹੋਏ ਕਿਹਾ ਕਿ ਫਿਲਮ ਦਾ ਇਹ ਗੀਤ ਸ਼ੂਟ ਕਰਨ ਵੇਲੇ ਬਾਕੀ ਦੇ ਕਲਾਕਾਰਾਂ ਦਾ ਮੇਕਅਪ ਵੇਖ ਉਹ ਕਾਫੀ ਦੇਰ ਹੱਸਦੇ ਰਹੇ. ਨੀਰੂ ਬਾਜਵਾ ਨਾਲ ਕੰਮ ਦਾ ਤਜਰਬਾ ਕਿਵੇਂ ਰਿਹਾ ਜਾਨਣ ਲਈ  ਹੇਠ ਦਿੱਤੇ ਆਡੀਓ ਲਿੰਕ ‘ਤੇ ਕਲਿੱਕ ਕਰੋ ਅਤੇ ਸੁਣੋ ਪੂਰੀ ਇੰਟਰਵਿਊ।