Votes
[Rating: 2.1]

-ਮਾਪਿਆਂ ਦਾ ਸੀ ਇਕੱਲਾ-ਇਕੱਲਾ ਪੁੱਤਰ
ਆਕਲੈਂਡ 22 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਵਸਦੇ ਪੰਜਾਬੀ ਭਾਈਚਾਰੇ ਦੇ ਲਈ ਅੱਜ ਤੜਕੇ ਇਕ ਦੁੱਖਭਰੀ ਖਬਰ ਆਈ ਜਦ ਇਥੋਂ ਲਗਪਗ 190 ਕਿਲੋਮੀਟਰ ਦੂਰ ਟੀ ਪੂਨਾ ਰੋਡ (ਟੌਰੰਗਾ) ਵਿਖੇ ਇਕ 22 ਸਾਲਾ ਪੰਜਾਬੀ ਨੌਜਵਾਨ ਤਰਨਦੀਪ ਸਿੰਘ ਦਿਓਲ ਸਪੁੱਤਰ ਸ੍ਰੀ ਮੰਦੀਪ ਸਿੰਘ ਦਿਓਲ ਪਿੰਡ ਹਰੀਪੁਰ (ਜਲੰਧਰ) ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਮੌਤ ਨੇ ਉਸਨੂੰ ਦਬੋਚ ਲਿਆ। ਇਹ ਨੌਜਵਾਨ ਅਤੇ ਇਕ ਹੋਰ ਇਸਦਾ 34 ਸਾਲਾ ਸਾਥੀ ਕੰਮ ਤੋਂ ਵਾਪਿਸ ਪਰਤ ਰਹੇ ਸਨ ਕਿ ਤੜਕੇ 4.30 ਵਜੇ ਇਨ੍ਹਾਂ ਦੀ ਕਾਰ ਸੜਕ ਦੇ ਨਾਲ-ਨਾਲ ਚਲਦੇ ਇਕ ਖਾਲੇ ਵਿਚ ਜਾ ਵੜੀ ਤੇ ਕਾਰ ਪਲਟ ਗਈ। ਐਮਰਜੈਂਸੀ ਲਈ ਪਹੁੰਚੀ ਐਂਬੂਲੈਂਸ ਸਟਾਫ ਨੇ ਉਸਨੂੰ ਕਾਰ ਦੇ ਹੇਠਾਂ ਤੋਂ ਕੱਢਿਆ। ਇਸ ਮੌਕੇ ਫਾਇਰ ਬ੍ਰਿਗੇਡ ਵੀ ਪਹੁੰਚ ਗਈ ਸੀ। ਉਸਦਾ ਸਾਥੀ ਬਚ ਗਿਆ ਹੈ ਪਰ ਗੰਭੀਰ ਫੱਟੜ ਹੈ ਅਤੇ ਹਸਪਤਾਲ ਦਾਖਲ ਹੈ। ਪਤਾ ਲੱਗਾ ਹੈ ਕਿ ਇਸ ਦੇ ਸਾਥੀ ਨੇ ਹੀ ਲਾਗੇ ਕਿਤੇ ਗੁਆਂਢੀ ਨੂੰ ਉਠਾ ਕੇ ਇਸ ਬਾਰੇ ਪੁਲਿਸ ਅਤੇ ਐਂਬੂਲੈਂਸ ਨੂੰ ਜਾਣਕਾਰੀ ਦਿੱਤੀ। ਉਸਨੇ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਕਾਰ ਪਲਟੀ ਹੋਣ ਕਰਕੇ ਜਿਆਦਾ ਕੁਝ ਨਹੀਂ ਕਰ ਸਕਿਆ। ਇਸ ਦੁਰਘਟਨਾ ਦੇ ਵਿਚ ਕੋਈ ਹੋਰ ਵਾਹਨ ਸ਼ਾਮਿਲ ਨਹੀਂ ਸੀ।

ਮਾਪਿਆਂ ਦਾ ਇਹ ਇਕੱਲਾ-ਇਕੱਲਾ ਪੁੱਤਰ ਸੀ ਅਤੇ 2015 ਦੇ ਵਿਚ ਇਥੇ ਪੜ੍ਹਨ ਆਇਆ ਸੀ। ਪੜ੍ਹਾਈ ਉਪਰੰਤ ਹੁਣ ਉਹ ‘ਦਾ ਫੋਨਿਕਸ’ ਰੈਸਟੋਰੈਂਟ ਟੌਰੰਗਾ ਵਿਖੇ ਸ਼ੈਫ ਵਜੋਂ ਕੰਮ ਕਰਦਾ ਸੀ। ਪਤਾ ਲੱਗਾ ਹੈ ਕਿ ਉਹ ਦੋ ਕੁ ਹਫਤੇ ਪਹਿਲਾਂ (10 ਦਸੰਬਰ) ਨੂੰ ਹੀ ਆਪਣੇ ਪਿੰਡ ਤੋਂ ਵਾਪਿਸ ਮੁੜਿਆ ਸੀ। ਉਸਦੀ ਫੇਸ ਬੁੱਕ ਉਤੇ ਉਸਦੇ ਦੋਸਤਾਂ ਨੇ ਉਸਦੇ ਇੰਡੀਆ ਟੂਰ ਬਾਰੇ ਲਿਖਿਆ ਸੀ ਕਿ ਤੂੰ ਮਿਲ ਕੇ ਨਹੀਂ ਗਿਆ ਅਤੇ ਇਸਨੇ ਜਵਾਬ ਦਿੱਤਾ ਸੀ ਕਿ ਸਮਾਂ ਬਹੁਤ ਘੱਟ ਸੀ, ਪਰ ਕਿਸੇ ਨੂੰ ਕੀ ਪਤਾ ਸੀ ਇਸਦੇ ਕੋਲ ਆਪਣੀ ਜ਼ਿੰਦਗੀ ਦਾ ਹੀ ਸਮਾਂ ਬਹੁਤ ਘੱਟ ਸੀ ਅਤੇ ਮੌਤ ਉਸਨੂੰ ਇਥੇ ਬੁਲਾ ਰਹੀ ਸੀ। ਆਪਣੇ ਮਾਪਿਆਂ ਨਾਲ ਇਹ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਜਾ ਆਇਆ ਸੀ ਅਤੇ ਫੋਟੋਆਂ ਸ਼ੇਅਰ ਕੀਤੀਆਂ ਸਨ। ਇਹ ਫੁੱਟਬਾਲ ਦਾ ਵੀ ਚੰਗਾ ਖਿਡਾਰੀ ਸੀ। ਆਪਣੇ ਦਾਦਾ-ਦਾਦੀ ਦੇ ਨਾਲ ਵੀ ਇਸਦਾ ਬਹੁਤ ਪਿਆਰ ਸੀ। ਇਸਦੀ ਇਕ ਛੋਟੀ ਭੈਣ ਹੈ। ਮਾਤਾ-ਪਿਤਾ ਤੋਂ ਇਲਾਵਾ ਇਸਦੇ ਦਾਦਾ-ਦਾਦੀ ਅਤੇ ਸਾਰ ੇਰਿਸ਼ਤੇਦਾਰ ਗਹਿਰੇ ਸਦਮੇ ਵਿਚ ਹਨ। ਪਰਿਵਾਰ ਖੇਤੀਬਾੜੀ ਕਰਦਾ ਹੈ। ਇਸਦੇ ਇਥੇ ਰਹਿੰਦੇ ਕੁਝ ਰਿਸ਼ਤੇਦਾਰ ਅਤੇ ਪਿੰਡ ਦੇ ਲੋਕ ਇਸਦਾ ਮ੍ਰਿਤਕ ਸਰੀਰ ਇੰਡੀਆ ਭੇਜਣ ਦਾ ਪ੍ਰਬੰਧ ਕਰ ਰਹੇ ਹਨ। ਪਤਾ ਲੱਗਾ ਹੈ ਕਿ ਇਸਦੇ ਪਿਤਾ ਜੀ ਨਿਊਜ਼ੀਲੈਂਡ ਵੀ ਘੁੰਮ ਗਏ ਹਨ। ਸ. ਦਿਲਾਵਰ ਸਿੰਘ ਹਰੀਪੁਰ ਵੀ ਪਰਿਵਾਰ ਦੇ ਸੰਪਰਕ ਵਿਚ ਹਨ ਅਤੇ ਕੱਲ੍ਹ ਘਟਨਾ ਵਾਲੀ ਥਾਂ ‘ਤੇ ਜਾ ਰਹੇ ਹਨ।