Votes
[Rating: 2.4]

ਆਕਲੈਂਡ 30 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ)-ਕੱਲ੍ਹ 29 ਅਕਤੂਬਰ ਦੀ ਸ਼ਾਮ 5 ਕੁ ਵਜੇ ਸਟੇਟ ਹਾਈਵੇ ਨੰਬਰ ਇਕ (ਸਾਊਥ ਵਾਇਕਾਟੋ) ਟੋਕੋਰੂਆ ਵਿਖੇ ਹੋਈ ਇਕ ਕਾਰ ਸੜਕ ਦੁਰਘਟਨਾ ਵਿਚ ਦੋ ਭਾਰਤੀ ਮੁੰਡੇ ਦਰਦਨਾਕ ਮੌਤ ਮਾਰੇ ਗਏ। ਇਹ ਮੁੰਡੇ ਆਪਣੇ ਇਕ ਦੋਸਤ ਦੀ ਭੈਣ ਨੂੰ ‘ਟਾਪੂ ਸ਼ਹਿਰ ਤੋਂ ਮਿਲ ਕੇ ਵਾਪਿਸ ਆਕਲੈਂਡ ਪਰਤ ਰਹੇ ਸਨ। ਉਨ੍ਹਾਂ ਦੇ ਦੋਸਤਾਂ ਕਰਨ ਵਰਮਾ ਅਤੇ ਜਰਨੈਲ ਸਿੰਘ ਤੋਂ ਲਈ ਜਾਣਕਾਰੀ ਮੁਤਾਬਿਕ ਬਿਕਰਮ ਸਿੰਘ ਸੰਧੂ (22) ਪਿੰਡ ਬਲੱਗਣ ਜ਼ਿਲ੍ਹਾ ਅੰਮ੍ਰਿਤਸਰ ਦਾ ਸੀ। ਯੂਨੀਟੈਕ ਇੰਸਟੀਚਿਊਟ ਆਫ ਟੈਕਨਾਲੋਜੀ ਆਕਲੈਂਡ ਤੋਂ ਸਿਵਲ ਇੰਜੀਨੀਅਰ ਦੀ ਪੜ੍ਹਾਈ ਬਾਅਦ ਉਹ ਓਪਨ ਵਰਕ ਪਰਮਿਟ ਉਤੇ ਸੀ। ਇਸਦਾ ਇਕ ਛੋਟਾ ਭਰਾ ਹੈ ਅਤੇ ਮਾਪੇ ਜਿਮੀਦਾਰਾ ਕੰਮ ਕਰਦੇ ਹਨ। ਕਾਰ ਦੁਰਘਟਨਾ ਵੇਲੇ ਇਹ ਕਾਰ ਚਲਾ ਰਿਹਾ ਸੀ। ਇਸਦਾ ਮ੍ਰਿਤਕ ਸਰੀਰ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਇੰਡੀਆ ਭੇਜੀ ਜਾਵੇਗੀ।

ਦੂਸਰਾ ਮੁੰਡਾ ਮੁਕੁਲ ਜਗਲਾਨ (20) ਨਵੀਂ ਦਿੱਲੀ ਤੋਂ ਸੀ, ਇਹ ਅਜੇ ਵਿਦਿਆਰਥੀ ਵੀਜੇ ਉਤੇ ਸੀ। ਇਸ ਦੀ ਦੋ ਭੈਣਾਂ ਹਨ ਅਤੇ ਇਕ ਭੈਣ ਨਿਊਜ਼ੀਲੈਂਡ ਹੀ ਰਹਿੰਦੀ ਹੈ। ਇਹ ਮੁੰਡਾ ਆਪਣੀ ਅਗਲੇਰੀ ਪੜ੍ਹਾਈ ਜਾਰੀ ਰੱਖ ਰਿਹਾ ਸੀ। ਇਸ ਮੁੰਡੇ ਦੇ ਮਾਪੇ ਦਿੱਲੀ ਤੋਂ ਆਕਲੈਂਡ ਆ ਰਹੇ ਹਨ ਅਤੇ ਅੰਤਿਮ ਸੰਸਕਾਰ ਇਥੇ ਕੀਤਾ ਜਾਣਾ ਹੈ।

ਸੰਗਰੂਰ ਸ਼ਹਿਰ ਨਾਲ ਸਬੰਧਿਤ ਤੀਜਾ ਮੁੰਡਾ ਅਮਿਤ ਸ਼ਰਮਾ (23) ਸੀ, ਜੋ ਕਿ ਇਸ ਕਾਰ ਦੁਰਘਟਨਾ ਦੇ ਵਿਚ ਗੰਭੀਰ ਜ਼ਖਮੀ ਹੋਇਆ ਹੈ, ਐਮਰਜੈਂਸੀ ਸਟਾਫ ਵੱਲੋਂ ਉਸਨੂੰ ਹੈਲੀਕਾਪਟਰ ਰਾਹੀਂ ਲਾਗੇ ਦੇ ਹਸਪਤਾਲ ਪਹੁੰਚਾਇਆ ਗਿਆ ਜਿਸ ਦਾ ਇਲਾਜ ਚੱਲ ਰਿਹਾ ਹੈ ਤੇ ਆਈ. ਸੂ. ਯੂ. ਦੇ ਵਿਚ ਦਾਖਿਲ ਹੈ। ਇਹ ਮੁੰਡਾ ਕਾਰ ਦੀ ਮਗਰਲੀ ਸੀਟ ਉਤੇ ਸੀ ਅਤੇ ਇਸਨੂੰ ਕਾਰ ਦੇ ਦਰਵਾਜੇ ਆਦਿ ਕੱਟ ਕੇ ਬਾਹਰ ਕੱਢਿਆ ਗਿਆ। ਘਟਨਾ ਵੇਲੇ ਬਹੁਤ ਸਾਰੀਆਂ ਕਾਰਾਂ ਉਥੇ ਰੁਕੀਆਂ ਉਨ੍ਹਾਂ ਨੇ ਇਨ੍ਹਾਂ ਜ਼ਖਮੀਆਂ ਦੇ ਉਤੇ ਕੰਬਲ ਆਦਿ ਦੇ ਕੇ ਜੀਵਨ ਆਦਿ ਬਚਾਉਣ ਦੀ ਕੋਸ਼ਿਸ ਕੀਤੀ ਅਤੇ ਐਂਬੂਲੈਂਸ ਨੂੰ ਬੁਲਾਇਆ।