Votes
[Rating: 0]
New Zealand First Indian Punjabi 1769

1890 ਦੇ ਵਿਚ ਆਏ ਫੁੰਮਣ ਸਿੰਘ ਅਤੇ 1950 ਦੇ ਵਿਚ ਆਏ ਸ. ਗੰਡਾ ਸਿੰਘ ਤੇ ਉਨ੍ਹਾਂ ਦਾ ਪੁੱਤਰ ਚੰਨਣ ਸਿੰਘ।. Courtesy: Punjabi Herald

ਆਕਲੈਂਡ 27 ਜੂਨ (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਦੇ ਸਰਕਾਰੀ ਰਿਕਾਰਡ ਮੁਤਾਬਿਕ 18ਵੀਂ ਸਦੀ ਦੇ ਮੱਧ ਵਿਚਕਾਰ ਇਥੇ ਭਾਰਤੀ ਲੋਕਾਂ ਦੀ ਆਮਦ ਬਾਰੇ ਪਤਾ ਚਲਦਾ ਹੈ ਪਰ ਇਕ ਨਵੀਂ ਕਿਤਾਬ ਮੁਤਾਬਿਕ ਸੰਨ 1769 ਦੇ ਵਿਚ ਦੋ ਭਾਰਤੀਆਂ ਨੇ ਪਹਿਲੀ ਵਾਰ ਨਿਊਜ਼ੀਲੈਂਡ ਦੀ ਧਰਤੀ ਉਤੇ ਆਪਣੇ ਕਦਮ ਧਰ ਕੇ ਆਪਣੇ ਨਿਸ਼ਾਨ ਛੱਡ ਦਿੱਤੇ ਸਨ। ਇਹ ਭਾਰਤੀ ਭਾਵੇਂ ਇਥੇ ਆਪਣਾ ਵਸੇਬਾ ਨਹੀਂ ਕਰ ਸਕੇ ਪਰ ਉਹ ਸਮੁੰਦਰੀ ਜ਼ਹਾਜ ਦੇ ਵਿਚ ਮਲਾਹ ਦੇ ਤੌਰ ‘ਤੇ ਆਏ ਅਤੇ ਅੱਗੇ ਚਲੇ ਗਏ। ਵਿਕਟੋਰੀਆ ਯੂਨੀਵਰਸਿਟੀ ਵਲਿੰਗਟਨ ਵਿਖੇ ਏਸ਼ੀਅਨ ਹਿਸਟਰੀ ਦੇ ਪ੍ਰੋਫੈਸਰ ਸ਼ੇਖਰ ਬੰਦੀਓਪਧਾਇ ਨੇ ਇਤਿਹਾਸ ਦੇ ਪੰਨਿਆ ਉਤੋਂ ਇਹ ਪਰਦਾ ਚੁੱਕਿਆ ਹੈ। ਇਹ ਦੋਵੇਂ ਮਲਾਹ ਮੁਸਲਿਮ ਸਨ ਜਿਨ੍ਹਾਂ ਦਾ ਨਾਂਅ ਮੁਹੰਮਦ ਕਾਸਿਮ ਅਤੇ ਨਸਰੀਨ ਸੀ।

ਪਾਂਡੀਚਿਰੀ ਤੋਂ ਚੱਲੇ ਇਕ ਫਰੈਂਚ ਸ਼ਿੱਪ ‘ਸੇਂਟ ਜੀਨ ਬੈਪਟਿਸਟ’ ਦੇ ਉਹ ਮਲਾਹ ਸਨ। ਦਸੰਬਰ 1769 ਦੇ ਵਿਚ ਇਹ ਦੋਵੇਂ ਮਲਾਹ ਨਾਰਥਲੈਂਡ ਵਿਖੇ ਉਤਰੇ ਸਨ। ਇਹ ਦੋਵੇਂ ਮਲਾਹ ਪੇਰੂ ਵਾਸਤੇ ਰਵਾਨਾ ਹੋਏ ਸਨ ਅਤੇ ਪਾਣੀ ਦੇ ਵਿਚ ਇਕ ਬਿਮਾਰੀ ਦੇ ਚਲਦਿਆਂ ਮਾਰੇ ਗਏ। ਸਾਲਾਂ ਬੱਧੀ ਇਸ ਤਰ੍ਹਾਂ ਹੋਰ ਭਾਰਤੀ ਵੀ ਇਥੇ ਸਮੁੰਦਰੀ ਜਹਾਜਾਂ ਦੇ ਵਿਚ ਆਉਂਦੇ ਰਹੇ ਪਰ ਉਹ ਆਪਣਾ ਵਸੇਬਾ ਨਹੀਂ ਸਨ ਬਣਾਉਂਦੇ। ਜੋ ਸਰਕਾਰੀ ਰਿਕਾਰਡ ਦੇ ਵਿਚ ਪਾਇਆ ਗਿਆ ਉਹ 1809 ਅਤੇ 1810 ਦੇ ਵਿਚ ਇਥੇ ਆਉਂਦੇ ਮਿਲਦੇ ਹਨ। ਇਕ ਮਲਾਹ ਬੇਅ ਆਫ ਪਲੈਂਟੀ ਵਿਖੇ ਸ਼ਿੱਪ ਦੇ ਵਿਚੋਂ ਛਾਲ ਮਾਰ ਕੇ ਬਾਹਰ ਆ ਗਿਆ ਸੀ ਅਤੇ ਬਾਅਦ ਵਿਚ ਇਕ ਮਾਓਰੀ ਔਰਤ ਨਾਲ ਉਸਨੇ ਵਿਆਹ ਕਰਵਾ ਲਿਆ ਸੀ ਤੇ ਇਥੇ ਸੈਟਲ ਹੋ ਗਿਆ ਸੀ। ‘ਇੰਡੀਅਨ ਐਂਡ ਦਾ ਐਂਟੀਪੋਡਜ਼’ (ਭਾਰਤੀ ਅਤੇ ਪ੍ਰਤੀਧਰੁਵ) ਜਾਂ (ਭਾਰਤੀ ਅਤੇ ਧਰਤੀ ਦਾ ਦੂਜਾ ਸਿਰਾ) ਨਾਂਅ ਦੀ ਕਿਤਾਬ ਦੇ ਵਿਚ ਵੱਡਮੁੱਲੀ ਜਾਣਕਾਰੀ ਪ੍ਰਸਤੁਤ ਕੀਤੀ ਗਈ ਹੈ।

ਨਵੀਂ ਕਿਤਾਬ ਦਸਦੀ ਹੈ ਕਿ 19ਵੀਂ ਸਦੀ ਦੇ ਵਿਚ ਭਾਰਤੀ ਇਥੇ ਬ੍ਰਿਟਿਸ਼ ਇੰਪਾਇਰ ਦੇ ਨਾਗਰਿਕ ਹੋਣ ਕਰਕੇ ਆਸਾਨੀ ਨਾਲ ਆਉਂਦੇ-ਜਾਂਦੇ ਸਨ। ਵਰਨਣਯੋਗ ਹੈ ਕਿ 1840 ਦੇ ਵਿਚ ਇਥੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਸ਼ਿੱਪ ਆਸਟਰੇਲੀਆ ਵੱਲ ਜਾਂਦੇ ਹੋਏ ਰੁਕਦੇ ਸਨ। ਇਸ ਦੌਰਾਨ ਕੁਝ ਮਲਾਹ ਅਤੇ ਸਿਪਾਹੀ ਇਥੇ ਰੁਕ ਜਾਂਦੇ ਸਨ। 1880 ਤੋਂ ਪਹਿਲਾਂ ਮਰਦਮ ਸ਼ੁਮਾਰੀ ਦੇ ਵਿਚ ਭਾਰਤੀਆਂ ਦੀ ਪਹਿਚਾਣ ਨਹੀਂ ਸੀ, ਪਰ ਉਨ੍ਹਾਂ ਦੀ ਮੌਜੂਦਗੀ ਜਰੂਰ ਇਥੇ ਸੀ। 1853 ਦੇ ਵਿਚ ਇਕ ਐਡਵਾਰਡ ਪੀਟਰ (ਬਲੈਕ ਪੀਟਰ) ਦੇ ਨਾਂਅ ਵਾਲਾ ਵਿਅਕਤੀ ਇਥੇ ਆਇਆ ਮਿਲਦਾ ਹੈ। 1881 ਦੀ ਮਰਦਮ ਸ਼ੁਮਾਰੀ ਦੇ ਵਿਚ 6 ਭਾਰਤੀ ਮਰਦ ਇਥੇ ਰਹਿੰਦੇ ਸਨ। ਇਨ੍ਹਾਂ ਵਿਚੋਂ ਤਿੰਨ ਕੈਂਟਰਬਰੀ ਖੇਤਰ ਦੇ ਵਿਚ ਭਾਰਤ ਤੋਂ ਪਰਤੇ ਗੋਰਿਆਂ ਦੇ ਨੌਕਰ ਸਨ। 1890 ਤੋਂ ਬਾਅਦ ਇਥੇ ਭਾਰਤੀਆਂ ਦੀ ਗਿਣਤੀ ਵਧਣੀ ਸ਼ੁਰੂ ਹੋਈ। 1896 ਦੇ ਵਿਚ 46 ਵਿਅਕਤੀ ਦਰਜ ਕੀਤੇ ਮਿਲਦੇ ਹਨ।

1916 ਦੇ ਵਿਚ 181 ਜਿਨ੍ਹਾਂ ਵਿਚ 14 ਮਹਿਲਾਵਾਂ ਵੀ ਸ਼ਾਮਿਲ ਸਨ। ਬਹੁਤੇ ਗੁਜਰਾਤੀ ਸਨ ਪਰ ਜਲੰਧਰ ਅਤੇ ਹੁਸ਼ਿਆਰਪੁਰੀਏ ਵੀ ਇਨ੍ਹਾਂ ਵਿਚ ਸ਼ਾਮਿਲ ਸਨ। 1899 ਦੇ ਵਿਚ ਇਮੀਗ੍ਰੇਸ਼ਨ ਰਿਸਟ੍ਰਕਸ਼ਨ ਐਕਟ ਪਾਸ ਕੀਤਾ ਗਿਆ। 1890 ਦੇ ਵਿਚ ਫੁੰਮਣ ਸਿੰਘ ਦੇ ਆਉਣ ਦਾ ਰਿਕਾਰਡ ਹੈ। 1898 ਦੇ ਵਿਚ ਇਸ ਨੇ ਇਕ ਨਰਸ ਨਾਲ ਵਿਆਹ ਕਰਵਾ ਲਿਆ। 1920 ਦੇ ਵਿਚ ਇਨ੍ਹਾਂ ਨੇ ਆਪਣਾ ਕੰਨਫੈਕਸ਼ਰੀ ਦਾ ਬਿਜ਼ਨਸ ਵਧਾ ਲਿਆ ਅਤੇ ਪਾਮਸਰਟਨ ਨਾਰਥ ਵਿਖੇ ਦੋ ਦੁਕਾਨਾਂ ਖੋਲ੍ਹੀਆਂ। 1950 ਦੇ ਵਿਚ ਗੰਡਾ ਸਿੰਘ ਪੰਜਾਬ ਤੋਂ ਇਥੇ ਆਇਆ। ਜੰਗਲਾਂ ਨੂੰ ਸਾਫ ਕਰਨ ਦਾ ਕੰਮ ਕਰਨ ਬਾਅਦ ਉਸਨੇ ਆਪਣੇ ਪੁੱਤਰ ਚੰਨਣ ਸਿੰਘ ਨੂੰ ਇਥੇ ਬੁਲਾਇਆ ਅਤੇ 1952 ਦੇ ਵਿਚ ਇਥੇ ਆਪਣਾ ਫਾਰਮ ਖਰੀਦਿਆ।

ਸੋ ਇਸ ਤਰ੍ਹਾਂ ਇਥੇ ਭਾਰਤੀਆਂ ਦਾ ਇਤਿਹਾਸ ਜੋ ਕਿ 125 ਸਾਲ ਪੁਰਾਣਾ ਸਮਝਿਆ ਜਾਂਦਾ ਸੀ ਉਹ ਹੁਣ 250 ਸਾਲ ਪੁਰਾਣਾ ਹੋ ਗਿਆ ਹੈ।

Source: Punjabi Herald