Votes
[Rating: 0]
sukhbir-singh-badal-and-parkash-singh-badal-invc-news

Courtesy: ABP Sanjha

ਚੰਡੀਗੜ੍ਹ: ਕਾਂਗਰਸ ਤੇ ‘ਆਪ’ ਤੋਂ ਮਿਲ ਰਹੀ ਵੱਡੀ ਟੱਕਰ ਕਾਰਨ ਸੁਖਬੀਰ ਬਾਦਲ ਨੂੰ ਇਸ ਵਾਰ ਜਲਾਲਾਬਾਦ ਤੋਂ ਆਪਣੀ ਸੀਟ ਖੁੱਸਦੀ ਨਜ਼ਰ ਆ ਰਹੀ ਹੈ। ਸ਼ਾਇਦ ਇਸ ਲਈ ਹੀ ਉਨ੍ਹਾਂ ਨੂੰ ਅਰਦਾਸ ਦਾ ਸਹਾਰਾ ਲੈਣਾ ਪੈ ਰਿਹਾ ਹੈ। ਇਸ ਲਈ ਤਾਂ ਉਨ੍ਹਾਂ ਨੇ ਹਲਕੇ ਦੇ ਕਈ ਗੁਰਦੁਆਰਿਆਂ ਵਿੱਚ ਅਖੰਡ ਪਾਠ ਸਾਹਿਬ ਰੱਖਵਾਏ ਹਨ ਤੇ ਕਈ ਗੁਰਦੁਆਰਾ ਸਾਹਿਬ ਵਿੱਚ ਭੋਗ ਪਾਏ ਗਏ ਹਨ।

ਇੰਨਾ ਹੀ ਨਹੀਂ ਅਰਦਾਸ ਵਿੱਚ ਬਕਾਇਦਾ ਇਹ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਦੀ ਜਿੱਤ ਹੋਵੇ। ਇਸ ਮਾਮਲੇ ਨੂੰ ਲੈ ਕੇ ਹੁਣ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਮਿਲਣੀ ਸ਼ੁਰੂ ਹੋ ਗਈ ਹੈ। ਇਸ ਦੀ ਜਾਂਚ ਸ਼ੁਰੂ ਹੋ ਗਈ ਹੈ। ਜਲਾਲਾਬਾਦ ਦੇ ਆਰ.ਓ. ਅਭਿਸ਼ੇਕ ਗੁਪਤਾ ਨੇ ਕਿਹਾ ਸਾਨੂੰ ਇਸ ਬਾਰੇ ਸ਼ਿਕਾਇਤ ਮਿਲੀ ਹੈ। ਇਸ ਦੀ ਜਾਂਚ ਕਰਵਾ ਰਹੇ ਹਾਂ। ਉਨ੍ਹਾਂ ਕਿਹਾ ਕਿ ਜਿੱਥੇ-ਜਿੱਥੇ ਪਾਠ ਰੱਖਵਾਏ ਹਨ, ਉੱਥੇ ਇਸ ਮਾਮਲੇ ਨੂੰ ਚੈੱਕ ਕਰਾਉਣ ਲਈ ਟੀਮਾਂ ਭੇਜੀਆਂ ਹਨ।
ਪਾਰਟੀ ਦੇ ਫ਼ਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਅਨੇਜਾ ਨੇ ਕਿਹਾ ਕਿ ਅਕਾਲੀ ਦਲ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ। ਜੇਕਰ ਕੋਈ ਪਾਰਟੀ ਆਪਣੇ ਵੱਲੋਂ ਪਾਠ ਕਰਵਾ ਰਿਹਾ ਹੈ ਤਾਂ ਇਸ ਵਿੱਚ ਉਹ ਕੁਝ ਨਹੀਂ ਕਰ ਸਕਦੇ। ਸੁਖਬੀਰ ਦੇ ਵਿਰੋਧੀ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਹ ਇਲੈਕਸ਼ਨ ਦੇ ਕੋਡ ਆਫ਼ ਕੰਡਕਟ ਦੀ ਉਲੰਘਣਾ ਹੈ। ਕਿਸੇ ਵੀ ਧਾਰਮਿਕ ਸਥਾਨ ਦੀ ਇਸ ਤਰ੍ਹਾਂ ਵਰਤੋਂ ਨਹੀਂ ਕੀਤੀ ਜਾ ਸਕਦੀ।
ਜਲਾਲਾਬਾਦ ਕਸਬਾ ਅਰਨੀਵਾਲ ਦੇ ਕੋਲ ਡੱਬਵਾਲ ਵਿੱਚ ਦੋ ਦਿਨ ਪਹਿਲਾਂ ਹੀ ਵੱਡੇ ਗੁਰਦੁਆਰਾ ਸਾਹਿਬ ਵਿਖੇ ਭੋਗ ਪਾਏ ਗਏ ਹਨ। ਅਰਦਾਸ ਚੱਲ ਰਹੀ ਸੀ ਤਾਂ ਕਾਂਗਰਸੀਆਂ ਨੇ ਰਿਕਾਰਡ ਕਰ ਲਈ ਤੇ ਮਾਮਲਾ ਇਲੈਕਸ਼ਨ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ।
ਇਸ ਬਾਰੇ ਗ੍ਰੰਥੀ ਗੁਰਬਚਨ ਸਿੰਘ ਨੇ ਮੰਨਿਆ ਕਿ ਉਨ੍ਹਾਂ ਕੋਲ ਪਿੰਡ ਦੇ ਹੀਰਾ ਸਿੰਘ, ਸੁਖਬੰਦ ਸਿੰਘ, ਹੰਸ ਰਾਜ ਬੀਨੇਵਾਲ ਤੇ ਮਨਜੀਤ  ਆਏ ਸਨ। ਉਨ੍ਹਾਂ ਨੇ ਸੁਖਬੀਰ ਦੀ ਜਿੱਤ ਦੇ ਲਈ ਅਰਦਾਸ ਕਰਨ ਦੇ ਲਈ ਕਿਹਾ ਤੇ ਉਸ ਦੇ ਲਈ ਬਕਾਇਦਾ 3500 ਰੁਪਏ ਦੀ ਭੇਟਾ ਵੀ ਦਿੱਤੀ ਗਈ ਤੇ ਬਾਅਦ ਵਿੱਚ ਲੰਗਰ ਵੀ ਲਾਇਆ ਗਿਆ।