Votes
[Rating: 0]

Chal Mera Putt movie poster

ਪਿਛਲੀ ਸਦੀ ‘ਚ ਪੰਜਾਬ ਦੇ ਹਿੱਸੇ ਹੱਸਣਾ ਘੱਟ ਤੇ ਰੋਣਾ ਜ਼ਿਆਦਾ ਆਇਆ। ਲਹਿੰਦੇ ਤੇ ਚੜ੍ਹਦੇ ਪੰਜਾਬ ਨੁੰ 47 ਦੀ ਵੰਡ ਨੇ ਅਜਿਹਾ ਰਵਾਇਆ ਮੁੜ ਕੇ ਅਗਲੀਆਂ ਪੀੜ੍ਹੀਆਂ ਦਾ ਵੀ ਕਿੰਨਾ ਚਿਰ ਹੱਸਣ ਨੂੰ ਜੀਅ ਨਹੀਂ ਕੀਤਾ। 47 ਦੇ ‘ਮਹਾਂ ਉਜਾੜੇ’ ਨੂੰ ਦੇਖ ਕੇ ਦੋਵੇਂ ਪੰਜਾਬਾਂ ਨੂੰ ‘ਪਰਵਾਸੀ’ ਹੋਣਾ ਨਿੱਕਾ ਜਿਹਾ ‘ਉਜਾੜਾ’ ਲੱਗਣ ਲੱਗਾ।

ਅਚੇਤ ‘ਚ ‘ਉਜਾੜਾ’ ਇਕ ਨਿੱਕੇ ਜਿਹੇ ਹਾਦਸੇ ਜਿਹਾ ਹੋ ਗਿਆ। ਆਪਣੀ ਧਰਤੀ ਤੋਂ ਹੀ (ਆਪਣੇ ਘਰੋਂ) ਉਜੜਿਆਂ ਨੂੰ ਕੋਈ ਧਰਤੀ ‘ਬੇਗਾਨੀ’ ਨਾ ਲੱਗੀ। ਹਰ ਧਰਤੀ ਇਨ੍ਹਾਂ ਦੀ ‘ਆਪਣੀ’ ਹੋ ਗਈ। ਪਿਛਲੇ ਸਮੇਂ ‘ਚ ਸਾਹਿਤ ਤੇ ਪਰਵਾਸ ਨੇ ਹੀ ਮੁੜ ਇਨ੍ਹਾਂ ਦੀਆਂ ਔਰਗੈਨਿਕ ਤੰਦਾਂ ਜੋੜਣੀਆਂ ਸ਼ੁਰੂ ਕੀਤੀਆਂ। ਰਵਾਏ ਗਏ ਲੋਕ ਹਜ਼ਾਰਾਂ ਸੰਕਟਾਂ ਤੇ ਸਮੱਸਿਆਵਾਂ ‘ਚ ਵੀ ਹੱਸਣ ਦੇ ਮੌਕੇ ਲੱਭਣ ਲੱਗੇ। ‘ਯੁੱਧਾਂ’ ਦੀ ਬੋਲੀ ਨੂੰ ਦਰ ਕਿਨਾਰ ਕਰਕੇ ਫ਼ਿਲਮਾਂ ‘ਚ ਵੀ “ਲਾਹੌਰੀਏ” ਵਰਗੀਆਂ ਤਾਜ਼ਾ ਕੋਸ਼ਿਸ਼ਾਂ ਹੋਈਆਂ। ਹੁਣ ‘ਚੱਲ ਮੇਰਾ ਪੁੱਤ’ ਸਾਂਝੇ ਪੰਜਾਬ ਦੀ ਸਾਂਝੀ ਵਿਰਾਸਤ ਤੇ ਪਰਵਾਸ ਦੇ ਦੁਖਾਂਤ ਨੂੰ ਵਿਅੰਗ ‘ਚ ਪੇਸ਼ ਕਰਦੀ ਲੱਗਦੀ ਹੈ।

ਲਹਿੰਦੇ ਪੰਜਾਬ ਦੇ ਮੰਨੇ ਪ੍ਰਮੰਨੇ ਡਰਾਮਾ ਅਦਾਕਾਰ ਇਫਤਿਕਾਰ ਠਾਕੁਰ, ਅਕਰਮ ਉਦਾਸ ਤੇ ਨਾਸਿਰ ਚਨਿਓਤੀ ਨੇ ਚੜ੍ਹਦੇ ਪੰਜਾਬ ਨੂੰ ਗਮਾਂ ਦੀ ਰਾਤ ‘ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਤੇ ਅਮਰਿੰਦਰ ਗਿੱਲ,ਸਿੰਮੀ ਚਾਹਲ ਤੇ ਗੁਰਸ਼ਬਦ ਲਹਿੰਦੇ ਪੰਜਾਬ ਨਾਲ ਮਸ਼ਕਰੀਆਂ ਕਰਨ ਲੱਗੇ। ਅਮਰਿੰਦਰ ਗਿੱਲ ‘ਲਹਿੰਦੇ ਪੰਜਾਬ’ ਦਾ ਵੀ ਪ੍ਰਵਾਨਿਤ ਗਾਇਕ ਹੈ ਤੇ ਗਿੱਲ ਦਾ ਲਹਿੰਦੇ ਪੰਜਾਬ ਨਾਲ ਇਕ ਵੱਖਰਾ ਲਗਾਅ ਹਮੇਸ਼ਾਂ ਰਿਹਾ ਹੈ। ਰੋਣਾ ਤੇ ਰਵਾਉਣਾ ਬਹੁਤ ਸੌਖਾ ਹੁੰਦੈ। ਸਵਾਲ ਦਰ ਸਵਾਲ ਤਾਂ ਹੱਸਣ ਤੇ ਹਸਾਉਣ ਅੱਗੇ ਖੜ੍ਹੇ ਹੁੰਦੇ ਨੇ।

‘ਚੱਲ ਮੇਰਾ ਪੁੱਤ’ ਦਾ ਪ੍ਰੋਮੋ ਦੇਖ ਕੇ ਲੱਗਦੈ ਫ਼ਿਲਮ ਸਾਂਝੇ ਪੰਜਾਬ ਦੇ ਹਾਸਿਆਂ-ਖੇਡਿਆਂ ਦੇ ਸੱਭਿਆਚਾਰ ਨੂੰ ਹੋਰ ਮਜ਼ਬੂਤ ਕਰੇਗੀ। ਹਰ ਮਸਲੇ ‘ਚ ਆਰਥਿਕਤਾ ਬੜੀ ਅਹਿਮ ਹੁੰਦੀ ਹੈ। ਫ਼ਿਲਮ ਦੇ ਪ੍ਰਡੂਊਸਰਾਂ ਕਾਰਜ ਗਿੱਲ ਤੇ ਅੰਸ਼ੂ ਮੁਨੀਸ਼ ਸਾਹਨੀ ਨੂੰ ਵਧਾਈਆਂ ਜਿਨ੍ਹਾਂ ਸਿਆਸੀ ਨਫ਼ਰਤਾਂ ਦੇ ਦੌਰ ‘ਚ ਸਾਂਝੇ ਪੰਜਾਬ ਦੇ ਮਿਲ ਬੈਠਣ ਤੇ ਜਿਉਂਦੇ ਰਹਿਣ ਦਾ ਅਮੀਰ ਸੁਫ਼ਨਾ ਲਿਆ। ਗੁਰਸ਼ਬਦ ਮੇਰਾ ਪਿਆਰਾ ਦੋਸਤ ਤੇ ਛੋਟਾ ਭਰਾ ਹੈ। ਉਹਨੂੰ ਸੰਘਰਸ਼ ਕਰਦਿਆਂ ਤੇ ਹਰ ਗੱਲ ‘ਚ ਗਲ ਤੱਕ ਡੁੱਬਿਆਂ ਦੇਖਿਆ ਹੈ। ਜੀਹਨੂੰ ਕਿਤੇ ਡੁੱਬਣਾ ਨਹੀਂ ਆਉਂਦਾ ਉਹ ‘ਪਾਰ’ ਨਹੀਂ ਹੋ ਸਕਦਾ। ‘ਪਾਰ’ ਚੰਗੀ ਆਰਟ ਤੇ ਚੰਗਾ ਆਰਟਿਸਟ ਹੀ ਲੱਗਦਾ ਹੈ। ਗੁਰਸ਼ਬਦ ਨੂੰ ਇਸ ਮੁਕਾਮ ‘ਤੇ ਦੇਖ ਕੇ ਬੇਹੱਦ ਖ਼ੁਸ਼ੀ ਹੋਈ। ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ।