Votes
[Rating: 5]

ਪੰਜਾਬ ਲੋਕ ਸੰਪਰਕ ਵਿਭਾਗ ‘ਚ ਕੰਮ ਕਰਦੇ ਨਰਿੰਦਰ ਭਾਜੀ ਨੇ ਮੇਰੇ ਨਾਲ ਜ਼ਿਕਰ ਕੀਤਾ ਸੀ, ਕਿ ਕਿਵੇਂ ਦੋ ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਾਰਾਗੜ੍ਹੀ ਜੰਗ ਬਾਰੇ ਜ਼ਿਕਰ ਕਰਦੀ ਕਿਤਾਬ ਦੀ ਘੁੰਡ ਚੁਕਾਈ ਵੇਲੇ ਜਦੋਂ ਉਹਨਾਂ ਸੰਖੇਪ ਵਿਰਤਾਂਤ ਸੁਣਿਆ ਸੀ ਤਾਂ ਰੌਂਗਟੇ ਖੜੇ ਹੋ ਗਏ ਸਨ.’ਕੇਸਰੀ’ ਵੇਖਣ ਤੋਂ ਪਹਿਲਾਂ ਹੋਈ ਮੇਰੀ ਇਸ ਗੱਲਬਾਤ ਨੇ ਫਿਲਮ ਪ੍ਰਤੀ ਮੇਰੀ ਦਿਲਚਸਪੀ ਹੋਰ ਵਧਾ ਦਿੱਤੀ. ਸੱਚ ਪੁੱਛੋ ਤਾਂ ਇਹ ਜ਼ਾਇਆ ਨਹੀਂ ਗਈ. ਜੇ ਇੱਕ ਵਾਕ ‘ਚ ਕੇਸਰੀ ਦਾ ਰੀਵੀਉ ਲਿਖਣਾ ਹੋਵੇ ਤਾਂ ਮਾਂਝੀ ਫਿਲਮ ਵਾਲੇ ਨਵਾਜ਼ੁਦੀਨ ਸਿੱਦਕੀ ਦੇ ਕਹਾਂਨੇ “ਸ਼ਾਨਦਾਰ – ਜਬਰਦਸਤ – ਜ਼ਿੰਦਾਬਾਦ” . ਸਿਨੇਮੇ ਚੋ ਬਾਹਰ ਆਉਂਦੇ ਹੋਏ ਆਪ ਮੁਹਾਰੇ ਮੂੰਹੋਂ ਨਿਕਲਦਾ ‘ਵਾਹ ਅਨੁਰਾਗ ਸਿੰਘ, ਵਾਹ ਅਕਸ਼ੈ ਕੁਮਾਰ’.
ਜੇ ਤੁਸੀਂ netflicks ਵਾਲੀ 21 ਸਰਫਰੋਸ਼ ਵੇਖਣ ਤੋਂ ਬਾਦ ਇਹ ਫਿਲਮ ਵੇਖਣ ਜਾ ਰਹੇ ਹੋ, ਤਾਂ ਇੱਕ ਮੁਫਤ ਮਸ਼ਵਰਾ, ਵੈਬ ਸੀਰੀਜ਼ ਨੂੰ ਦਿਮਾਗੋਂ ਕੱਢਕੇ ਜਾਓ. ਮੈਂ ਆਪਣੇ ਰੇਡੀਓ ਸ਼ੋਅ ਵਿੱਚ ਵੀ ਕਿਹਾ ਸੀ, ਕਿ ਫਿਲਮ ਦਾ ਪਹਿਲਾ ਮੱਧ ਓਸ ਜਹਾਜ਼ ਦੀ ਤਰ੍ਹਾਂ ਜਿਹੜਾ ਰਨ-ਵੇ ਤੋਂ ਉਡਾਰੀ ਭਰਣ ਤੋਂ ਪਹਿਲਾਂ ਗੇੜੇ ਦਿੰਦਾ, ਤੇ interval ਤੋਂ ਬਾਅਦ ਫਿਲਮ ਜੋ ਉਡਾਨ ਭਰਦੀ ਹੈ, ਓਸ ਨੂੰ ਵੇਖ ਲੋਕੀਂ ਦਿਲੋਂ ਤਾਲੀਆਂ ਮਾਰਦੇ ਨੇ. ਹਾਲਾਂਕਿ ਪਹਿਲੇ ਮੱਧ ਗੇੜੇ ਯਾਨੀ ਕਿਤੋਂ ਕਿਤੋਂ ਹੌਲੀ ਹੁੰਦੀ ਕਹਾਣੀ ਵੀ ਜਰੂਰੀ ਹੈ. ਉਸੇ ਦੇ ਚਲਦਿਆਂ ਹਰ ਇੱਕ ਕਿਰਦਾਰ ਨੂੰ ਸਮਝਣ ‘ਚ ਆਸਾਨੀ ਹੁੰਦੀ ਹੈ. ਹੌਲਦਾਰ ਈਸ਼ਰ ਸਿੰਘ ਸਣੇ 21 ਦੇ 21 ਸਿੰਘ ਸੂਰਮੇ ਆਪਣੇ ਆਪ ਚ ਹੀਰੋ ਨੇ, ਫਿਲਮ ਚ ਵੀ ਅਤੇ ਇਤਿਹਾਸ ‘ਚ ਵੀ. ਇੱਕਲੇ ਇੱਕਲੇ ਕਿਰਦਾਰ ਨੂੰ ਦਿੱਤਾ ਬਣਦਾ ਰੋਲ ਅਤੇ ਸੰਵਾਦ ਅਨੁਰਾਗ ਸਿੰਘ ਦੀ ਸਮਝਦਾਰੀ ਏ, ਹਾਂ ਹੌਲੀ ਪੈਂਦੀ ਪਟਕਥਾ ਦੀ ਵਜ੍ਹਾ ਕਿਤੇ ਕਿਤੇ ਬੇਵਜ੍ਹਾ ਲੰਮੇ ਖਿੱਚੇ ਸੰਵਾਦ ਨੇ. ਖਾਸ ਤੌਰ ‘ਤੇ ਅਕਸ਼ੈ ਕੁਮਾਰ ਤੇ ਪਰੀਨੀਤੀ ਚੋਪੜਾ ਵਾਲੇ ਦ੍ਰਿਸ਼. ਪਰ ਤਾਰੀਫ਼ ਬਣਦੀ ਹੈ ਅਨੁਰਾਗ ਸਿੰਘ ਦੀ. ਪਹਿਲੇ ਹਾਫ ਦੀ ਕਾਮੇਡੀ ਨੇ ਹੰਝੂ ਕੱਢ ਛੱਡੇ ਤੇ ਦੂਸਰੇ ਹਾਫ ਦੇ ਇਮੋਸ਼ਨਲ ਦ੍ਰਿਸ਼ਾਂ ਨੇ ਦਿਲ ਪਸੀਜ ਛੱਡਿਆ. ਬਤੌਰ ਨਿਰਦੇਸ਼ਕ ਉਹਨਾਂ ਜਿਹੜੀਆਂ ਬਰੀਕੀਆਂ ‘ਤੇ ਕੰਮ ਕੀਤਾ, ਭਾਵੇਂ ਉਹ ਫੌਜੀਆਂ ਦੀ ਵਰਦੀ ਹੋਵੇ (ਪੱਗ ਚ ਛੁਪਾ ਰੱਖੀ ਛੋਟੀ ਕਿਰਚ, ਦੁਆਲੇ ਪਾਇਆ ਕੜਾ, ਮੋਢੇ ਟੰਗੀ ਰਾਈਫਲ ਦੀ ਗੋਲੀਆਂ ਵਾਲੀ ਥੈਲੀ, ਗੋਰੇ ਅਫਸਰਾਂ ਦੀ ਵੱਖਰੀ ਕਾਲੇ ਰੰਗ ਦੀ ਟੋਪੀ) ਜਾਂ ਲੁਧਿਆਣੇ ਰੇਲਵੇ ਸਟੇਸ਼ਨ ਦਾ ਦ੍ਰਿਸ਼. ਗੁੱਸੇ ਚ ਆਕੇ ਪੰਜਾਬੀਆਂ ਦੇ ‘ਡੰਗਰ’ ਕਹਿਣ ਦੀ ਆਦਤ ਆਦਿ ਅਜਿਹੇ ਕਈ ਪਹਿਲੂ ਨੇ ਜਿਹਨਾਂ’ ਤੇ ਸ਼ਾਇਦ ਕੋਈ ਗੈਰ ਪੰਜਾਬੀ ਡਾਇਰੈਕਟਰ ਕੰਮ ਕਰਦਾ ਤਾਂ ਧਿਆਨ ਨਾ ਦਿੰਦਾ ਅਤੇ ਫਿਲਮ ਓਪਰੀ ਜਿਹੀ ਲੱਗਦੀ. ਪਰ ਇਹੀ ਛੋਟੇ ਛੋਟੇ ਫੈਕਟਰ ਨੇ ਜਿਹਨਾਂ ਕਰਕੇ ਫਿਲਮ ਆਪਣੀ ਜਿਹੀ ਲੱਗਦੀ ਹੈ. ਬਸ ਜੇ ਪਰੀਨੀਤੀ ਦੀ ਥਾਂ ਕਿਸੇ ਪੰਜਾਬੀ ਦਿੱਖ ਵਾਲੀ ਹੀਰੋਇਨ ਨੂੰ ਲੈ ਲਿਆ ਜਾਂਦਾ ਤਾਂ ਹੋਰ ਵੀ ਆਪਣੀ ਜਿਹੀ ਲੱਗਦੀ. ਵੈਸੇ ਮੈਂਨੂੰ ਨਿੱਜੀ ਤੌਰ ਤੇ ਅਜਿਹੀਆਂ ਫਿਲਮਾਂ ਚ ਹੀਰੋਇਨ ਦੀ ਲੋੜ ਹੀ ਪੱਲੇ ਨਹੀਂ ਪੈਂਦੀ. ਪਰ ‘ਕੇਸਰੀ’ ਵਰਗੀ ਵੱਡੀ ਫਿਲਮ ਦੇ ਮਾਮਲੇ ਚ ਏਹ ਬਹੁਤ ਛੋਟਾ ਫੈਕਟਰ ਹੈ, ਸੋ ignore ਕੀਤਾ ਜਾ ਸਕਦਾ. ਐਕਸ਼ਨ ਦ੍ਰਿਸ਼ ਵਾਕਿਆ ਹੀ ਅੱਵਲ ਦਰਜੇ ਦੇ ਨੇ, VFX effects ਦਾ ਇਸਤੇਮਾਲ ਬਿਹਤਰੀਨ ਕਿਸਮ ਦਾ ਹੈ. ਮਨੀਸ਼ ਮੋਰੇ ਦੀ editing ਹਾਲੀਵੁੱਡ ਪੱਧਰ ਦੀ ਹੋ ਨਿਬੜੀ ਹੈ. ਕਲਾਕਾਰੀ ਦੇ ਮਾਮਲੇ ਚ ਅਕਸ਼ੈ ਕੁਮਾਰ ਜਚੇ ਨੇ, ਪਰ ਦਿੱਖ ਦੇ ਮਾਮਲੇ ਚ ਜੇ ਸਿਰਫ ਅਸਲੀ ਦਾੜ੍ਹੀ ਰਖ ਲੈਂਦੇ ਤਾਂ ਸਿਫ਼ਤ ਚੌਗੁਣੀ ਹੋ ਜਾਣੀ ਸੀ. ਅਨੁਰਾਗ ਸਿੰਘ ਨੇ ਇੱਕ ਹੋਰ ਸਿਆਣਪ ਵਿਖਾਈ, ਬਾਕੀ ਦੇ 20 ਸਿਪਾਹੀ ਸਿਲਵਰ ਸਕ੍ਰੀਨ ਲਈ ਨਵੇਂ ਚਿਹਰੇ ਲੈਕੇ. ਕਿਉਂਕਿ ਇਹ ਇਤਿਹਾਸ ਦੇ ਅਣਵੇਖੇ ਅਣਸੁਣੇ ਕਿਰਦਾਰ ਨੇ, ਪਹਿਲੀ ਵਾਰ ਵਡੇ ਪਰਦੇ ਤੇ ਉਹਨਾਂ ਨਾਲ ਇਸੇ ਅੰਦਾਜ਼ ਚ ਤਾਰੂਫ਼ ਹੋਣਾ ਚਾਹੀਦਾ ਸੀ. ਔਰਕਜ਼ਾਈ ਅਫਗਾਨੀ ਕਬੀਲੇ ਦੇ ਮੁੱਲਾ ਸੱਯਦ ਉੱਲਾ ਦੇ ਮਾਰੇ ਜਾਣ ਤੇ ਇੰਝ ਲੱਗਦਾ ਜਿਵੇਂ ਜੰਗ ਜਿੱਤੀ ਗਈ ਹੋਵੇ. ਸਿਪਾਹੀ ਚੰਦਾ ਸਿੰਘ ਦੀ ਤਲਵਾਰਾਂ ਤੇ ਟਿਕੀ ਲਾਸ਼ ਨੇ ਫਿਲਮ ਨੂੰ ਅੰਤਲੇ ਹਿੱਸੇ ਚ ਟਿੱਕਾ ਕੇ ਖੜਾ ਕਰ ਦਿੱਤਾ. ਆਖਰੀ 25 ਮਿੰਟ ਦਾ ਐਕਸ਼ਨ ਫਿਲਮ ਨੂੰ ਬਾਲੀਵੁੱਡ ਦੀਆਂ ਵੱਡੀਆਂ ਫਿਲਮਾਂ ਦੀ ਸ਼੍ਰੇਣੀ ਚ ਲੈ ਆਏਗਾ. ਉਂਝ ਇਸ ਸਾਲ ਕਈ waar movies ਆਉਣਗੀਆਂ, ਪਰ ਜੇ ਤੁਸੀਂ ਕੇਸਰੀ ਹਾਲੇ ਤਾਈਂ ਨਹੀਂ ਵੇਖੀ ਤਾਂ ਇੱਕ ਵਾਰ ਜਰੂਰ ਵੇਖਿਓ, ਪੰਜਾਬੀ ਹੋਣ ਤੇ ਮਾਣ ਮਹਿਸੂਸ ਕਰੋਗੇ, ਆਪਣੇ ਇਤਿਹਾਸ ਤੇ ਮਾਣ ਮਹਿਸੂਸ ਕਰੋਗੇਂ.
ਗੌਤਮ ਕਪਿਲ