ਮੈਲਬੌਰਨ (ਰੇਡੀਓ ਹਾਂਜੀ): ਮੈਲਬੌਰਨ ਵਿੱਚ ਵੱਸਦੇ ਪਰਿਵਾਰ ਅਕਸਰ ਰੇਡੀਓ ਹਾਂਜੀ ਵਲੋਂ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਦਾ ਇੰਤਜਾਰ ਕਰਦੇ ਨੇ ਅਤੇ ਅੱਜ “ਮੇਲਾ ਮੇਲੀਆਂ ਦਾ, ਯਾਰਾਂ ਵੇਲੀਆਂ ਦਾ”, ਅਖਾਣ ਨੂੰ ਮੈਲਬੌਰਨ ਦੀ ਧਰਤੀ ਉੱਤੇ ਰੇਡੀਓ ਹਾਂਜੀ ਵਲੋਂ ਆਯੋਜਿਤ ਕੀਤੇ ਗਏ ਦੀਵਾਲੀ ਮੇਲੇ ‘ਚ ਸੱਚ ਹੁੰਦੇ ਦੇਖਿਆ|

ਪੋਲਿਸ਼ ਕਲੱਬ ਐਲਵੀਅਨ ਵਿਖੇ ਕਰਵਾਏ ਗਏ ਇਸ ਦੀਵਾਲੀ ਮੇਲੇ ਦੌਰਾਨ ਪੰਜਾਬ ਦੇ ਅਸਲ ਮੇਲੇ ਦੀ ਝਲਕ ਅਤੇ ਹਰ ਵੰਨਗੀ ਦੇਖਣ ਨੂੰ ਮਿਲੀ | ਮੈਲਬੌਰਨ ਵਿੱਚ ਪਰਵਾਸੀ ਪੰਜਾਬੀਆਂ ਦੇ ਜਨਮੇ ਬੱਚਿਆਂ ਨੂੰ ਪੇਂਡੂ ਮੇਲਿਆਂ ਦਾ ਅਹਿਸਾਸ ਕਰਵਾਉਣ ਲਈ ਕੀਤੇ ਗਏ ਉਪਰਾਲੇ ਦੇਖਣਯੋਗ ਸਨ |

Radio Haanji Diwali Mela Afzal Saahir Melbourne Event 2018

ਲਹਿੰਦੇ ਅਤੇ ਚੜਦੇ ਪੰਜਾਬ ਦੀਆਂ ਯਾਦਾਂ ਨੂੰ ਤਾਜਾ ਕਰਨ ਲਈ ਪਾਕਿਸਤਾਨ ਤੋਂ ਰੇਡੀਓ ਹਾਂਜੀ ਦੇ ਸੱਦੇ ਤੇ ਪਹੁੰਚੇ ਖਾਸ ਮਹਿਮਾਨ ਅਫ਼ਜ਼ਲ ਸਾਹਿਰ ਨੇ ਆਏ ਲੋਕਾਂ ਨੂੰ ਆਪਣੀਆਂ ਗੱਲਾਂ ਨਾਲ ਕੀਲਿਆ | ਉਨਾਂ ਦੀ ਪੇਸ਼ਕਾਰੀ ਅਤੇ ਮਿਲਣਸਾਰ ਸੁਭਾਅ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ | ਗੱਲ ਕੀ ਪੰਜਾਬੀ ਜੁਬਾਨ ਦੇ ਮੋਹ ਨੇ ਸਰਹੱਦਾਂ ਦੀਆਂ ਕੰਡਿਆਲੀਆਂ ਤਾਰਾਂ ਨੂੰ ਭੁਲਾ ਕੇ ਆਪਣੇ ਸਾਂਝੇ ਵਿਰਸੇ ਵਾਰੇ ਖੂਬਸੂਰਤ ਵਿਸ਼ੇ ਅਤੇ ਗੱਲਾਂ ਸਾਂਝੀਆਂ ਕੀਤੀਆਂ| ਅਫ਼ਜ਼ਲ ਸਾਹਿਰ ਵਾਰੇ ਦੱਸਦਿਆਂ ਰੇਡੀਓ ਹਾਂਜੀ ਦੇ ਸੰਚਾਲਕ ਰਣਜੋਧ ਸਿੰਘ ਨੇ ਕਿਹਾ ਕੇ ਆਉਣ ਵਾਲੇ ਸਮੇਂ ਦੌਰਾਨ ਪੂਰੇ ਆਸਟ੍ਰੇਲੀਆ ਭਰ ਵਿੱਚ ਅਫ਼ਜ਼ਲ ਸਾਹਿਰ ਹੋਰਾਂ ਦੇ ਹੋਰ ਪ੍ਰੋਗਰਾਮ ਵੀ ਉਲੀਕੇ ਗਏ ਹਨ | ਅਫ਼ਜ਼ਲ ਸਾਹਿਰ ਨੇ ਕਿਹਾ ਕੇ ਉਨਾਂ ਨੂੰ ਜੋ ਪਿਆਰ ਤੇ ਮੁਹੱਬਤ ਪੰਜਾਬੀ ਜ਼ੁਬਾਨ ਕਰਕੇ ਆਸਟ੍ਰੇਲੀਆ ਵੱਸਦੇ ਪੰਜਾਬੀ ਭਾਈਚਾਰੇ ਕੋਲੋਂ ਮਿਲ ਰਹੀ ਹੈ, ਉਹ ਉਸਦੇ ਸਦਾ ਰਿਣੀ ਰਹਿਣਗੇ | ਉਨਾਂ ਰੇਡੀਓ ਹਾਂਜੀ ਦੀ ਟੀਮ ਦਾ ਉਨਾਂ ਨੂੰ ਸੱਦਾ ਦਿੱਤੇ ਜਾਣ ਤੇ ਵਿਸ਼ੇਸ਼ ਧੰਨਵਾਦ ਕੀਤਾ |

ਪੰਜਾਬ ਪੁਲਿਸ ਦੇ ਕਿਰਦਾਰਾਂ ਵਿੱਚ ਸਜੇ ਰੇਡੀਓ ਹਾਂਜੀ ਦੀ ਟੀਮ ਮੈਂਬਰਾਂ ਨੇ ਹਾਜਿਰ ਦਰਸ਼ਕਾਂ ਦਾ ਖੂਬ ਮਨੋਰੰਜਅਨ ਕੀਤਾ | ਮੇਲੇ ‘ਚ ਝੂਲਿਆਂ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਸੀਮ ਜਿਸਨੂੰ ਬੱਚਿਆਂ ਨੇ ਖੂਬ ਮਾਣਿਆ | ਆਏ ਹੋਏ ਦਰਸ਼ਕਾਂ ਲਈ ਕਈ ਤਰਾਂ ਦੇ ਤੋਹਫੇ ਰੱਖੇ ਗਏ ਸਨ ਅਤੇ ਉਨਾਂ ਨੂੰ ਕਈ ਤਰਾਂ ਦੀ ਖੇਡਾਂ ਵੀ ਖਿਡਾਈਆਂ ਗਈਆਂ | ਕਰਵਾਚੌਥ ਹੋਣ ਕਰਨ ਮਹਿੰਦੀ ਅਤੇ ਹੋਰ ਖਰੀਦੋ-ਫਰੋਖਤ ਦਾ ਸਮਾਨ ਵੀ ਉਪਲਭਧ ਕਰਵਾਇਆ ਗਿਆ ਸੀ | ਭਾਰਤੀ ਸੱਭਿਆਚਾਰ ਦੇ ਬਹੁਤੇ ਰੰਗਾਂ ਦਾ ਸੁਮੇਲ ਇਸ ਮੇਲੇ ਚ ਦੇਖਣ ਨੂੰ ਮਿਲਿਆ, ਜੋਕਿ ਆਪਣੇ ਆਪ ‘ਚ ਇੱਕ ਮਿਸਾਲ ਸੀ | ਮਲਿਆਲਮ ਢੋਲ ਦੀ ਤਾਲ ਤੇ ਪੰਜਾਬੀ ਗੱਭਰੂ ਵੀ ਪੈਰ ਚੁੱਕਦੇ ਦੇਖੇ ਗਏ ਅਤੇ ਇਸੇ ਤਰਾਂ ਹਰਿਆਣੇ ਦਾ ਲੋਕ ਨਾਚ ਵੀ ਪੇਸ਼ ਕੀਤਾ ਗਿਆ | ਫੋਕ ਵੇਵਜ ਵਲੋਂ ਭੰਗੜੇ ਅਤੇ ਗਿੱਧੇ ਦੀਆਂ ਬਹੁਤ ਖੂਬਸੂਰਤ ਵੰਨਗੀਆਂ ਪੇਸ਼ ਕੀਤੀਆਂ ਗਈਆਂ | ਆਸਟ੍ਰੇਲੀਆ ਦੇ ਜੰਮਪਲ ਬੱਚਿਆਂ ਨੇ ਪੰਜਾਬੀ ਚੁਟਕਲੇ ਸੁਣਾ ਕੇ ਆਏ ਸੱਜਣਾਂ ਨੂੰ ਖੂਬ ਹਸਾਇਆ | ਖਾਣ-ਪੀਣ ਦੀਆਂ ਵਸਤਾਂ ‘ਚ ਮੇਲੇ ਵਾਂਗ ਜਲੇਬੀਆਂ, ਛੋਲੇ-ਭਟੂਰੇ, ਕੁਲਚੇ ਆਦਿ ਦਾ ਵੀ ਢੁੱਕਵਾਂ ਪ੍ਰਬੰਧ ਕੀਆ ਗਿਆ ਸੀ |

ਲੇਬਰ ਪਾਰਟੀ ਵਲੋਂ ਪਹੁੰਚੇ ਨੇਤਾਵਾਂ ਚ ਸੰਸਦ ਮੈਂਬਰ ਨੈਟਲੀ ਸੁਲੇਮਾਨ ਅਤੇ ਕੌਸ਼ਲਿਆ ਭਾਗੇਲਾ ਨੇ ਵੀ ਆਏ ਹੋਏ ਦਰਸ਼ਕਾਂ ਨੂੰ ਸੰਬੋਧਨ ਕੀਤਾ | ਇਸੇ ਤਰਾਂ ਗ੍ਰੀਨ ਪਾਰਟੀ ਵਲੋਂ ਬੁਹ-ਸੱਭਿਆਚਾਰਕ ਮਾਮਲਿਆਂ ਦੀ ਬੁਲਾਰੀ ਹੂੰਗ ਤੁੰਗ ਅਤੇ ਮੈਲਬੌਰਨ ਦੇ ਮੇਲਟਨ ਖੇਤਰ ਤੋਂ ਗ੍ਰੀਨ ਪਾਰਟੀ ਦੇ ਉਮੀਦਵਾਰ ਹਰਕੀਰਤ ਸਿੰਘ ਨੇ ਵੀ ਇਸ ਮੌਕੇ ਸੰਬੋਧਨ ਕੀਤਾ | ਹਰ ਇੱਕ ਪਾਰਟੀ ਦੇ ਬੁਲਾਰੇ ਨੇ ਰੇਡੀਓ ਹਾਂਜੀ ਵਲੋਂ ਸਫਲਤਾਪੂਰਵਕ ਆਯੋਜਿਤ ਕੀਤੇ ਗਏ ਇਸ ਦੀਵਾਲੀ ਨੂੰ ਲੈ ਕੇ ਪੂਰੀ ਟੀਮ ਨੂੰ ਵਧਾਈ ਦਿੱਤੀ ਅਤੇ ਆਮ ਲੋਕਾਂ ਨੇ ਵੀ ਪੂਰੇ ਮੇਲੇ ਦੇ ਪ੍ਰਬੰਧਾਂ ਨੂੰ ਬਹੁਤ ਹੀ ਵਧੀਆ ਦੱਸਿਆ | ਵਿਕਟੋਰੀਆ ਪੁਲਿਸ ਤੋਂ ਇਲਾਵਾ ਆਸਟ੍ਰੇਲੀਆਈ ਸੈਨਾ ਵਲੋਂ ਵੀ ਇਸ ਮੇਲੇ ਵਿੱਚ ਹਿੱਸਾ ਲਿਆ ਗਿਆ ਅਤੇ ਉਨਾਂ ਆਪੋ ਆਪਣੇ ਵਿਭਾਗਾਂ ਚ ਭਾਰਤੀ ਹੋਣ ਵਾਰੇ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ |

ਦੀਵਾਲੀ ਮੇਲੇ ਦੇ ਅੰਤ ‘ਚ 12 ਮਿੰਟ ਤੱਕ ਲੰਬੀ ਚੱਲੀ ਆਤਿਸ਼ਬਾਜੀ ਨੂੰ ਵੀ ਆਏ ਦਰਸ਼ਕਾਂ ਨੇ ਖੂਬ ਮਾਣਿਆ | ਇਸ ਮੌਕੇ ਰੇਡੀਓ ਹਾਂਜੀ ਦੀ ਪੂਰੀ ਟੀਮ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਿਰ ਸਨ | ਪ੍ਰਵਾਸੀ ਪੰਜਾਬੀਆਂ ਦੇ ਦਿਲ ਅਤੇ ਦਿਮਾਗ ਉੱਤੇ ਅਮਿੱਟ ਯਾਦਾਂ ਛੱਡਦਾ ਇਹ ਰੇਡੀਓ ਹਾਂਜੀ ਦਾ ਪਰਿਵਾਰਕ ਮਾਹੌਲ ਵਾਲਾ ਦੀਵਾਲੀ ਮੇਲਾ ਨਵੀਆਂ ਮਿਸਾਲਾਂ ਸਥਾਪਿਤ ਕਰਕੇ ਸ਼ਾਨੋ-ਸ਼ੋਕਤ ਨਾਲ ਸਮਾਪਤ ਹੋਇਆ | ਪੂਰੇ ਮੇਲੇ ਦੌਰਾਨ ਹਰ ਇੱਕ ਦੇ ਚਿਹਰੇ ਤੇ ਪ੍ਰਬੰਧਾਂ ਨੂੰ ਲੈ ਕੇ ਪ੍ਰਸੰਨਤਾ ਦੇਖੀ ਗਈ ਜਿਸ ਲਈ ਰੇਡੀਓ ਹਾਂਜੀ ਦੀ ਪੂਰੀ ਵਧਾਈ ਦੀ ਪਾਤਰ ਹੈ | ਰਣਜੋਧ ਸਿੰਘ ਅਤੇ ਗੁਰਜੋਤ ਸੋਢੀ ਨੇ ਆਏ ਹੋਏ ਸੱਜਣਾਂ ਦਾ ਧੰਨਵਾਦ ਕੀਤਾ |

ਅਮਰਿੰਦਰ ਗਿੱਦਾ